ਨਾਮਾ ਸਾਹਿਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਮਾ ਸਾਹਿਤ (ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ): ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਕੁਝ ਨਾਮੇ ਸੰਬੰਧਿਤ ਕੀਤੇ ਜਾਂਦੇ ਹਨ, ਜਿਵੇਂ ਨਸੀਹਤਨਾਮਾ, ਹਾਜ਼ਰਨਾਮਾ, ਪਾਕਨਾਮਾ, ਕਰਨੀਨਾਮਾ , ਆਦਿ। ‘ਨਾਮਾ’ ਫ਼ਾਰਸੀ ਦੇ ‘ਨਾਮਹ’ ਦਾ ਵਿਕ੍ਰਿਤ ਰੂਪ ਹੈ। ਮੂਲ ਰੂਪ ਵਿਚ ਭਾਵੇਂ ਇਸ ਦਾ ਅਰਥ ਚਿੱਠੀ ਜਾਂ ਖ਼ਤ ਹੀ ਹੋਵੇ, ਪਰ ਸਾਹਿਤ ਵਿਚ ਇਹ ਉਕਤ ਅਰਥਾਂ ਤੋਂ ਇਲਾਵਾ ਕਿਸੇ ਵਿਵਰਣਾਤਮਕ ਸਾਹਿਤ-ਰਚਨਾ ਲਈ ਵੀ ਵਰਤਿਆ ਜਾਣ ਲਗ ਪਿਆ ਹੈ। ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ‘ਜ਼ਫ਼ਰਨਾਮਾਪਹਿਲੇ ਅਰਥ ਦੀ ਪ੍ਰਤਿਨਿਧਤਾ ਕਰਦਾ ਹੈ ਅਤੇਜੰਗਨਾਮਾ ਸਰਦਾਰ ਹਰੀ ਸਿੰਘ ਨਲੂਆ’ ਕ੍ਰਿਤ ਰਾਮ ਦਿਆਲ ਅਣਦ ਦੂਜੇ ਅਰਥ ਦਾ ਲਖਾਇਕ ਹੈ। ‘ਨਾਮਾ’ ਲਿਖਣ ਲਈ ਗੱਦ , ਪੱਦ ਦਾ ਵੀ ਕੋਈ ਬੰਧਨ ਨਹੀਂ ਹੈ।

ਉਪਰੋਕਤ ਚਾਰ ਨਾਮਿਆਂ ਦੇ ਕਰਤ੍ਰਿਤਵ ਉਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਆਵੱਸ਼ਕ ਹੋਵੇਗਾ ਕਿ ਪਹਿਲਾਂ ਇਨ੍ਹਾਂ ਦੀਆਂ ਸੰਖਿਪਤ ਵੰਨਗੀਆਂ ਪਾਠਕਾਂ ਦੇ ਅਵਲੋਕਨ ਲਈ ਦੇ ਦਿੱਤੀਆਂ ਜਾਣ :

ਨਸੀਹਤਨਾਮਾ

ਤਿਲੰਗ ਮਹਲਾ

ਕੀਚੈ ਨੇਕਨਾਮੀ ਜੋ ਦੇਵੇ ਖੁਦਾਇ

ਦੀਸੈ ਜਿਮੀ ਪਰ ਸੋ ਹੋਸੀ ਫਨਾਹਿ

ਾਇਮ ਦੌਲਤੁ ਕਸੇ ਬੇਸੁਮਾਰ

ਰਹੈ ਗੇ ਕਰੋੜੀ ਰਹੇਗੇ ਹਜਾਰ...

ਵਖਤ ਬੰਦੇ ਤੂੰ ਖਿਜਾਮਤ ਨਾ ਵਿਸਾਰ

ਫਲਤ ਮਸਤੀ ਮੇਂ ਬਾਜੀ ਹਾਰ

ੋਬਾ ਕੀਤੀਆ ਕਰਦਿਆਂ ਗੁਨਾਹ

ਾਨਕ ਐਸੇ ਆਲਮ ਸੇ ਤੇਰੀ ਪਨਾਹ

(ਬਾਲਾ ਜਨਮਸਾਖੀ)

ਕਰਨੀਨਾਮਾ

ਨਾਨਕ ਆਖੇ ਰੁਕਨਦੀਨ ਸਚਾ ਸੁਨੋ ਜਬਾਬ

ੜੇ ਸੁਨੇ ਜੋ ਪ੍ਰੀਤ ਲਾਇ ਛੁਟੇ ਸਭ ਅਜਾਬ

ਸਵਾਂ ਜਾਮਾ ਪਹਿਰ ਕੇ ਬੈਠੋਂ ਪੁਰ ਕਰਤਾਰ

ਰੰਗਜੇਬ ਪਾਤਸਾਹ ਜੋ ਜੁਧ ਕਰੇ ਬਹੁਬਾਰ...

ੁਨਹੋ ਕਾਜੀ ਰੁਕਨਦੀਨ ਇਹ ਵਰਤੈਗੀ ਰੀਤ

ਰਨੀ ਨਾਮਾ ਜੋ ਪੜੈ ਵਧੈ ਸਾਹਿਬ ਸਉ ਪ੍ਰੀਤ

(ਸੌ ਸਾਖੀ)

ਪਾਕਨਾਮਾ

ਮਾਨੁ ਕੁਰਾਨੁ ਕਉ ਜਤਨ ਕੀ ਜਿਲਦ ਕਰ ਰਹਮ ਕੀ ਗਿਲ ਪਰ ਧਰ ਪੜੀਜੈ, ਸਚ ਗਰਦਨ ਲੇ ਦਿਲੇ ਜੁਜਾਦਾਨ ਮਹਿ ਤਬਹਿ ਈਮਾਨ ਕਬਹੂ ਛੀਜੈ ਬੁਗੋ ਰੇ ਕਾਜੀ ਪਾਕਨਾਮਾ...

ੁਫਤ ਨਾਨਕ ਸੁਣਹੁ ਰੁਕਨਦੀਨ ਕਾਜੀ ਤਜਹੁ ਕੁਫਰੁ ਮਕੁਰੂਹੁ ਜੋ ਹੈ ਹਰਾਮ।।

(ਮਕੇ ਮਦੀਨੇ ਦੀ ਗੋਸਟਿ)

ਹਾਜਰਨਾਮਾ

ਹਾਜਰਾ ਕੂ ਮਿਹਰ ਹੈ ਬੇਹਾਜਰਾ ਕਉ ਬੇਮਿਹਰ ਹੈ

ਮਾਨ ਦੋਸਤੁ ਹੈ ਬੇਈਮਾਨੁ ਕਾਫਰੁ ਹੈ...

ਤੇਣਿ ਟੋਲ ਜੋ ਜਾਨਿ ਜਨਾਵੈ

ਨਾਨਕ ਦਾਨਸਬੰਦ ਕਹਾਵੈ

(ਪੁਰਾਤਨ ਜਨਮਸਾਖੀ)

ਡਾ. ਸੁਰਿੰਦਰ ਸਿੰਘ ਕੋਹਲੀ (ਗੁਰੂ ਨਾਨਕ ਅੰਕ , ਪੰਜਾਬੀ ਦੁਨੀਆ) ਨੇ ਅਨੇਕ ਪ੍ਰਕਾਰ ਦੀਆਂ ਉਕਤੀਆਂ ਯੁਕਤੀਆਂ ਦੁਆਰਾ ਇਹ ਸਿੱਧ ਕੀਤਾ ਹੈ ਕਿ ਉਪਰਲੀਆਂ ਚੌਹਾਂ ਰਚਨਾਵਾਂ (ਨਾਮਿਆਂ) ਵਿਚੋਂ ਨਸੀਹਤਨਾਮਾ, ਪਾਕਨਾਮਾ, ਅਤੇ ਕਰਨੀਨਾਮਾ ਵਿਦਵਾਨ ਗੁਰਸਿੱਖਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਭਾਵਾਂ ਨੂੰ ਖੋਲ੍ਹਣ ਲਈ ਲਿਖੀਆਂ ਗਈਆਂ ਕ੍ਰਿਤੀਆਂ ਹਨ। ਉਨ੍ਹਾਂ ਦਾ ਇਹ ਵੀ ਕਥਨ ਹੈ ਕਿ ਉਹ ਗੁਰਸਿੱਖ ਨਿਰਮਲੇ ਸਾਧੂ ਹੀ ਹਨ।

ਸਾਡੇ ਵਿਚਾਰ ਅਨੁਸਾਰ ਇਹ ਗੁਰੂ ਨਾਨਕ ਦੇਵ ਜੀ ਰਚਿਤ ਨਹੀਂ ਹਨ, ਕਿਉਂਕਿ ਉਕਤ ਤਿੰਨ ਰਚਨਾਵਾਂ ਵਿਚੋਂ ‘ਕਰਨੀਨਾਮਾ’ ਵਿਚ ਔਰੰਗਜ਼ੇਬ ਬਾਦਸ਼ਾਹ ਅਤੇ ਖ਼ਾਲਸੇ ਦਾ ਹਵਾਲਾ ਮਿਲਦਾ ਹੈ, ਜੋ ਨਿਸਚੈ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂਗੱਦੀ ਕਾਲ ਦੇ ਦੌਰਾਨ ਵਿਚ ਜਾਂ ਉਸ ਤੋਂ ਬਾਦ ਲਿਖਿਆ ਗਿਆ ਪ੍ਰਤੀਤ ਹੁੰਦਾ ਹੈ। ਇਸ ਤੋਂ ਇਲਾਵਾ, ਇਸ ਵਿਚ ਰੁਕਨਦੀਨ ਨਾਂ ਆਇਆ ਹੈ। ਰੁਕਨਦੀਨ ਦੇ ਨਾਂ ਦੀ ਵਰਤੋਂ ‘ਪਾਕਨਾਮਾ’ ਵਿਚ ਵੀ ਹੋਈ ਹੈ। ਇਸ ਲਈ ਇਹ ਦੋਵੇਂ ਰਚਨਾਵਾਂ ਕਿਸੇ ਇਕੋ ਸਰੋਤ ਤੋਂ ਪ੍ਰਾਪਤ ਹੋਈਆਂ ਪ੍ਰਤੀਤ ਹੁੰਦੀਆਂ ਹਨ। ਔਰੰਗਜ਼ੇਬ ਅਤੇ ਖ਼ਲਾਸੇ ਦੇ ਹਵਾਲਿਆਂ ਦੇ ਆਧਾਰ’ਤੇ ਚੂੰਕਿ ‘ਕਰਨੀਨਾਮਾ’ ਨਿਰ- ਵਿਵਾਦ ਰੂਪ ਵਿਚ ਦਸਮ ਗੁਰੂ ਦੀ ਸਮਕਾਲੀ ਜਾਂ ਪਰਵਰਤੀ ਰਚਨਾ ਹੈ, ਇਸ ਲਈ ‘ਪਾਕਨਾਮਾ’ ਵੀ ‘ਕਰਨੀਨਾਮਾ’ ਦੀ ਸਮੀਪਵਰਤੀ ਰਚਨਾ ਹੈ। ‘ਨਸੀਹਤਨਾਮੇ’ ਵਿਚੋਂ ਭਾਵੇਂ ਕੋਈ ਅੰਦਰਲੀ ਗਵਾਹੀ ਨਹੀਂ ਮਿਲਦੀ, ਪਰ ਫਿਰ ਵੀ ਭਾਸ਼ਾ ਅਤੇ ਸ਼ੈਲੀ ਦੇ ਆਧਾਰ’ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਤੋਂ ਬਾਦ ਦੀ ਰਚਨਾ ਪ੍ਰਤੀਤ ਹੁੰਦੀ ਹੈ। ਨਾਲੇ, ਜਿਸ ਸਰੋਤ, ਅਰਥਾਤ ਭਾਈ ਬਾਲੇ ਵਾਲੀ ਜਨਮਸਾਖੀ ਤੋਂ ਇਹ ਰਚਨਾ ਪ੍ਰਾਪਤ ਹੋਈ ਹੈ ਉਸ ਦਾ ਆਪਣਾ ਕਰਤ੍ਰਿਤਵ ਅਤੇ ਰਚਨਾ- ਕਾਲ ਵਿਵਾਦ ਦਾ ਵਿਸ਼ਾ ਹੈ। ਸਰਦਾਰ ਜੀ.ਬੀ.ਸਿੰਘ (ਪ੍ਰਾਚੀਨ ਬੀੜਾਂ) ਦਾ ਮਤ ਹੈ ਕਿ ਸੰਨ 1590 ਈ. ਦੇ ਨੇੜੇ -ਤੇੜੇ ਕਿਸੇ ਮੁਸਲਮਾਨ ਫ਼ਕੀਰ ਨੇ ਇਮਾਮ ਅਲਗ਼ਜ਼ਾਲੀ ਦੇ ਰਸਾਲੇ ‘ਨਸੀਹਤ-ਉਲ-ਮਲੂਕ’ ਨੂੰ ਪੰਜਾਬੀ ਬੈਂਤਾਂ ਵਿਚ ਲਿਖ ਕੇ ਉਸ ਦਾ ਨਾਂ ‘ਪੰਦਨਾਮਾ’ ਜਾਂ ‘ਨਸੀਹਤਨਾਮਾ’ ਰਖ ਦਿੱਤਾ। ਫਲਸਰੂਪ, ਇਹ ਤਿੰਨੋ ਨਾਮੇ ਗੁਰੂ ਨਾਨਕ ਰਚਿਤ ਨਹੀਂ ਮੰਨੇ ਜਾ ਸਕਦੇ।

‘ਹਾਜ਼ਰਨਾਮੇ’ ਬਾਰੇ ਡਾ. ਕੋਹਲੀ ਹੋਰਾਂ ਦੀ ਸਥਾਪਨਾ ਹੈ ਕਿ ਕੇਵਲ ‘ਹਾਜ਼ਰਨਾਮਾ’ ਹੀ ਇਕ ਅਜਿਹੀ ਰਚਨਾ ਹੈ ਜੋ ਬੜੀ ਘਟ ਝਿਝਕ ਨਾਲ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਹੀ ਜਾ ਸਕਦੀ ਹੈ। ਉਨ੍ਹਾਂ ਦਾ ਮਤ ਹੈ ਕਿ ‘ਪੁਰਾਤਨ ਜਨਮਸਾਖੀ ’ ਵਿਚ ਇਸ ਦੇ ਸੰਕਲਿਤ ਹੋਣ ਕਰਕੇ ਇਹ ਗੁਰੂ ਨਾਨਕ ਦੇਵ ਜੀ ਦੇ ਬਹੁਤ ਨੇੜੇ ਦੀ ਰਚਨਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਮਹਲੇ ੧ ਦੀ ਬਾਣੀ ਵਿਚ ਇਸ ਨੂੰ ਨ ਚੜ੍ਹਾਉਣ ਲਈ ਉਨ੍ਹਾਂ ਦਾ ਤਰਕ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਕੇਵਲ ਉਹੀ ਬਾਣੀ ‘ਆਦਿ ਗ੍ਰੰਥ ’ ਵਿਚ ਸ਼ਾਮਲ ਕੀਤੀ ਸੀ ਜੋ ਨਾਮ ਜਾਂ ਗੁਰੂ ਜਾਂ ਪਰਮਾਤਮਾ ਦੀ ਮਹਿਮਾ ਕਰਦੀ ਸੀ ਜਾਂ ਇਨ੍ਹਾਂ ਨਾਲ ਕਿਸੇ ਤਰ੍ਹਾਂ ਸੰਬੰਧਿਤ ਸੀ। ‘ਹਾਜ਼ਰਨਾਮਾ’ ਤਾਂ ਕੇਵਲ ਸਦਾਚਾਰਿਕ ਕੀਮਤਾਂ ਕਦਰਾਂ ਨੂੰ ਪ੍ਰਗਟਾਉਂਦਾ ਹੈ। ਇਹ ਨਾਮ ਜਾਂ ਗੁਰੂ ਜਾਂ ਪਰਮਾਤਮਾ ਦੇ ਵਿਸ਼ੇ ਨੂੰ ਕਿਸੇ ਤਰ੍ਹਾਂ ਵੀ ਨਹੀਂ ਛੁਹੰਦਾ।

ਪਰ ‘ਪੁਰਾਤਨ ਜਨਮਸਾਖੀ’ ਵਿਚ ਸੰਕਲਿਤ ਹੋਣ ਕਰਕੇ ਹੀ ਇਸ ਰਚਨਾ ਦੇ ਕਰਤ੍ਰਿਤਵ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਕਰ ਦੇਣਾ ਯੁਕਤੀਯੁਕਤ ਨਹੀਂ ਹੈ। ਬਾਣੀਆਂ ਦੇ ਮੂਲ ਰਚੈਤਿਆਂ ਬਾਰੇ ‘ਪੁਰਾਤਨ ਜਨਮਸਾਖੀ’ ਦੇ ਕਰਤਾ ਦਾ ਕਿਤਨਾ ਅਧੂਰਾ ਅਤੇ ਭਰਮ- ਪੂਰਣ ਗਿਆਨ ਹੈ, ਇਸ ਸੰਬੰਧੀ ‘ਪ੍ਰਾਣ ਸੰਗਲੀ ’ ਦੇ ਇੰਦਰਾਜ ਵਿਚ ਵਿਚਾਰ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਤੋਂ ਭਿੰਨ ਕਈ ਹੋਰ ਸਿੱਖ ਗੁਰੂਆਂ ਅਤੇ ਕਬੀਰ ਤਕ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਵਿਚੋਂ ਉੱਚਾਰਣ ਕਰਵਾਉਣ ਵਾਲਾ ਸਾਖੀਕਾਰ ਕਿਸੇ ਹੋਰ ਦੇ ਲਿਖੇ ਹੋਏ ਹਾਜ਼ਰਨਾਮੇ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਤੋਂ ਉੱਚਾਰਣ ਕਰਵਾ ਸਕਦਾ ਹੈ ਜਦੋਂ ਕਿ ਉਸ ਨੇ ਅਨੇਕ ਅਪ੍ਰਮਾਣਿਕ ਜਾਂ ਕੱਚੀ ਬਾਣੀ ਦੇ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਮੁਖੋਂ ਬੁਲਵਾਏ ਹਨ। ਅਤੇ, ਗੁਰੂ ਅਰਜਨ ਦੇਵ ਜੀ ਦੁਆਰਾ ਇਸ ਨੂੰ ਸਦਾਚਾਰਿਕ ਕੀਮਤਾਂ ਕਦਰਾਂ ਪ੍ਰਗਟਾਉਣ ਕਰਕੇ ਛਡ ਦੇਣ ਵਾਲੀ ਗੱਲ ਵੀ ਕੋਈ ਬਹੁਤੀ ਵਜ਼ਨਦਾਰ ਨਹੀਂ ਹੈ। ਸੂਖਮ ਦ੍ਰਿਸ਼ਟੀ ਨਾਲ ਜੇ ਘੋਖਿਆ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਅਜਿਹੇ ਹੋਰ ਕਈ ਸ਼ਬਦ ਲਭ ਲੈਣੇ ਕੋਈ ਬਹੁਤੀ ਕਠਿਨ ਗੱਲ ਨਹੀਂ, ਜਦਕਿ ਉਸ ਯੁਗ ਵਿਚ ਸਦਾਚਾਰ ਅਧਿਆਤਮਿਕਤਾ ਦਾ ਪੂਰਕ ਮਾਤ੍ਰ ਸੀ। ਸਰਦਾਰ ਜੀ.ਬੀ.ਸਿੰਘ ਨੇ ਵੀ ਆਪਣੀ ਪੁਸਤਕ ‘ਪ੍ਰਾਚੀਨ ਬੀੜਾਂ ’ ਦੇ ਤੀਜੇ ਭਾਗ ਵਿਚ ਇਸ ਨੂੰ ਗੁਰੂ ਨਾਨਕ ਕ੍ਰਿਤ ਨ ਮੰਨ ਕੇ ਕਿਸੇ ਪਠਾਣ ਫ਼ਕੀਰ ਦੀ ਰਚਨਾ ਮੰਨਿਆ ਹੈ। ਫਲਸਰੂਪ, ਇਹ ਨਾਮਾ ਵੀ ਗੁਰੂ ਨਾਨਕ ਕ੍ਰਿਤ ਸਿੱਧ ਨਹੀਂ ਹੁੰਦਾ।

ਸਾਰਾਂਸ਼ ਇਹ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ‘ਨਾਮਾ’ ਸਾਹਿਤ ਗੁਰੂ ਜੀ ਦੀ ਪ੍ਰਮਾਣਿਕ ਰਚਨਾ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.